ਲੱਗਦੈ ਅਕਾਲੀ ਦਲ ਦੀਆਂ ਅੱਖਾਂ ਖੱੁਲ੍ਹ ਲੱਗੀਆਂ ਨੇ!

ਲੱਗਦੈ ਅਕਾਲੀ ਦਲ ਦੀਆਂ ਅੱਖਾਂ ਖੱੁਲ੍ਹ ਲੱਗੀਆਂ ਨੇ!

ਸਿਆਣੇ ਕਹਿੰਦੇ ਨੇ ਕਿ ਜਿਵੇਂ ਜਿਵੇਂ ਬੰਦਾ ਉਚਾਈ ’ਤੇ ਜਾਂਦਾ ਹੈ ਉਸਨੂੰ ਹੇਠਲਿਆਂ ਦੀ ਅਵਾਜ਼ ਵੀ ਸੁਣਨੋਂ ਹਟਦੀ ਜਾਂਦੀ ਹੈ ਅਤੇ ਉਹ ਦਿਸਣੋ ਵੀ ਹਟਦੇ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਅਕਾਲੀ ਦਲ ਬਾਦਲ ਦੀ ਚੜ੍ਹਾਈ ਹੋਣ ਲੱਗੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਦਾ ਵੀ ਸੁਝਾਅ, ਲੋਕਾਂ ਦੀ ਅਵਾਜ਼ ਜਾਂ ਸਿੱਖ ਪੰਥ ਦਾ ਹੁਕਮ ਵੀ ਸੁਣਨੇ ਹਟਦੇ ਗਏ। ਉਹ ਕਦਮ-ਦਰ-ਕਦਮ ਗਲਤੀਆਂ ਕਰਦਾ ਗਿਆ ਕਿਉਂਕਿ ਜਦੋਂ ਹੱਥ ਵਿਚ ਸ਼ਕਤੀ ਹੁੰਦੀ ਹੈ ਤਾਂ ਬੰਦਾ ਗਲਤੀਆਂ ਕਰਦਾ ਡਰਦਾ ਨਹੀਂ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਉਸਨੂੰ ਕੋਈ ਵੀ ਸਜ਼ਾ ਨਹੀਂ ਦੇ ਸਕਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਅਸਲ ਵਿਚ ਸਿੱਖ ਪੰਥ ਦੀ ਖੜ੍ਹੀ ਕੀਤੀ ਹੋਈ ਸਿਆਸੀ ਪਾਰਟੀ ਹੈ ਅਤੇ ਇਸ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਲਈ ਲੱਖਾਂ ਹੀ ਸਿੱਖ ਵਰਕਰਾਂ ਨੇ ਖੂਨ ਡੋਲ੍ਹਵਾਂ ਯੋਗਦਾਨ ਪਾਇਆ ਹੈ। ਸੁਖਬੀਰ ਸਿੰਘ ਬਾਦਲ ਤੋਂ ਪਹਿਲੇ ਲਗਭਗ ਸਾਰੇ ਹੀ ਪ੍ਰਧਾਨਾਂ ਨੇ ਸਤਿਕਾਰ ਤਾਂ ਭਾਵੇਂ ਸਾਰੇ ਹੀ ਧਰਮਾਂ ਦਾ ਕੀਤਾ ਹੋਵੇ ਪਰ ਅਕਾਲੀ ਦਲ ਵਿਚ ਸਾਬਤ ਸੂਰਤ ਸਿੱਖ ਆਗੂਆਂ ਨੂੰ ਹੀ ਅਹੁਦੇਦਾਰੀਆਂ ਦਾ ਮਾਣ ਸਨਮਾਨ ਦਿੱਤਾ ਸੀ। ਜੇਕਰ ਥੋੜ੍ਹੇ ਜਿਹੇ ਇਤਿਹਾਸ ਦੀ ਗੱਲ ਕਰੀਏ ਤਾਂ 1992 ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵੋਟਾਂ ਦਾ ਬਾਈਕਾਟ ਕਰਨ ਕਰ ਕੇ ਕੁਝ ਕੁ ਪ੍ਰਤੀਸ਼ਤ ਵੋਟਾਂ ਨਾਲ ਹੀ ਬੇਅੰਤ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਬਣ ਗਈ ਪਰ 1997 ਵਿਚ ਪੰਜਾਬ ਦੇ ਲੋਕਾਂ ਨੇ ਆਪਣਾ ਪੂਰਾ ਗੁੱਸਾ ਦਿਖਾਇਆ ਅਤੇ ਅਕਾਲੀ ਦਲ ਬਾਦਲ ਨੂੰ 75 ਸੀਟਾਂ ਜਿਤਾ ਕੇ ਸੱਤਾ ’ਤੇ ਬਿਠਾ ਦਿੱਤਾ। ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਉਹ ਸੱਤਾ ਨੂੰ ਕਾਇਮ ਨਾ ਰੱਖ ਸਕੇ ਅਤੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ 2002 ’ਚ ਫਿਰ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਜਿੱਤ ਹਾਸਲ ਕਰ ਲਈ। 2007 ’ਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਫਿਰ ਮੁੱਖ ਮੰਤਰੀ ਬਣ ਗਏ। ਇਸ ਦੌਰ ’ਚ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੀ ਸਿਆਸਤ ਵਿਚ ਆਮਦ ਹੋਈ। ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਸਿਆਸਤ ਉੱਤੇ ਜੱਦੀ ਪੁਸ਼ਤੀ ਦਬਦਬਾ ਬਣਾਈ ਰੱਖਣ ਲਈ ਸੁਖਬੀਰ ਬਾਦਲ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਪਹਾੜਾਂ ਵਾਲੇ ਸਕੂਲ ਅਤੇ ਵਿਦੇਸ਼ੀ ਕਾਲਜ ਦਾ ਪੜ੍ਹਿਆ ਹੋਣ ਕਰ ਕੇ ਉਸਨੂੰ ਬਜ਼ੁਰਗਾਂ ਦੇ ਸਤਿਕਾਰ ਬਾਰੇ ਕੁਝ ਵੀ ਪਤਾ ਨਹੀਂ ਸੀ। ਉਸਨੇ ਆਉਂਦਿਆਂ ਹੀ ਇਕ ਤਾਨਾਸ਼ਾਹ ਵਾਂਗ ਵਿਚਰਨਾ ਸ਼ੁਰੂ ਕੀਤਾ। ਪੰਜਾਬ ਦੇ ਲੋਕਾਂ ਨੂੰ ਵੀ ਲੱਗਾ ਕਿ ਸੁਖਬੀਰ ਸਿੰਘ ਬਾਦਲ ਇਕ ਨੌਜਵਾਨ ਅਤੇ ਪੜ੍ਹਿਆ ਲਿਖਿਆ ਨੇਤਾ ਹੈ, ਕੁਝ ਵਧੀਆ ਹੀ ਕਰੇਗਾ ਜਿਸ ਕਾਰਨ ਪਾਰਟੀ ਨੂੰ 2012 ਵਿਚ ਵੀ ਵਧੀਆ ਜਿੱਤ ਮਿਲ ਗਈ ਅਤੇ ਸੁਖਬੀਰ ਸਿੰਘ ਬਾਦਲ ਦੀ ਗੱੁਡੀ ਅੰਬਰਾਂ ’ਚ ਚੜ੍ਹ ਗਈ। ਫਿਰ ਉਸਨੇ ਅੱਗਾ ਪਿੱਛਾ ਨਹੀਂ ਦੇਖਿਆ ਅਤੇ ਮਨ ਮਰਜ਼ੀ ਦੇ ਫੈਸਲੇ ਲੈਣ ਲੱਗਾ। ਉਸਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ 25 ਸਾਲ ਰਾਜ ਨਹੀਂ ਛੱਡੇਗਾ। ਉਸ ਵਲੋਂ ਕਲੀਨਸ਼ੇਵ ਨੌਜਵਾਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣ ਲੱਗੀਆਂ ਅਤੇ ਬਜ਼ੁਰਗ ਸਿਆਸਤਦਾਨਾਂ ਨੂੰ ਪਿੱਛੇ ਧੱਕ ਦਿੱਤਾ ਜਾਣ ਲੱਗਾ। ਜਿਸ ਕਾਰਨ ਅਕਾਲੀ ਦਲ ਵਿਚੋਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਹੋਰ ਬਹੁਤ ਸਾਰੇ ਆਗੂ ਕਿਨਾਰਾ ਕਰ ਗਏ। ਆਪਣੇ ਵਿਧਾਇਕਾਂ ਨੂੰ ਵੀ ਮਿਲਣ ਲਈ ਸਮਾਂ ਨਾ ਦੇਣਾ ਅਤੇ ਆਪਣੇ ਬਾਪ ਦੀ ਉਮਰ ਦੇ ਕੈਬਨਿਟ ਮੰਤਰੀਆਂ ਨੂੰ ਵੀ ਆਪਣੇ ਦਫਤਰ ਦੇ ਬਾਹਰ ਘੰਟਿਆਂਬੱਧੀ ਇੰਤਜ਼ਾਰ ਕਰਵਾ ਕੇ ਵਾਪਸ ਮੋੜਨਾ ਉਸਦੇ ਜੜ੍ਹੀ ਬੈਠਣ ਲੱਗਾ। ਸੁਖਬੀਰ ਬਾਦਲ ਦਾ ਸਿੱਖੀ ਤੋਂ ਮੂੰਹ ਮੋੜਨਾ, ਬੇਅਦਬੀ ਕਾਂਡ ਨੂੰ ਗੰਭੀਰਤਾ ਨਾਲ ਨਾ ਲੈਣਾ, ਕਿਸਾਨੀ ਮੱਦੇ ਤੇ ਕਿਸਾਨਾਂ ਨਾਲ ਨਾ ਖੜ੍ਹਨਾ ਅਤੇ ਸਭ ਤੋਂ ਸਿੱਖ ਪੰਥ ਲਈ ਦੁਖਦਾਇਕ ਗੱਲ ਸਾਬਤ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਭੰਗ ਕਰ ਕੇ ਸੌਦਾ ਸਾਧ ਨੂੰ ਜਥੇਦਾਰ ਤੋਂ ਧੱਕੇ ਨਾਲ ਮੁਆਫ਼ੀ ਦੁਆਉਣੀ ਉਸ ਦੇ ਸਿਆਸੀ ਕੈਰੀਅਰ ਲਈ ਜ਼ਹਿਰ ਸਾਬਤ ਹੋਏ। ਅੱਜ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸਿਰਫ ਤਿੰਨ ਸੀਟਾਂ ਉੱਤੇ ਸਿਮਟ ਕੇ ਰਹਿ ਗਿਆ ਹੈ। ਲਗਾਤਾਰ ਹਾਰਾਂ ਨੇ ਅਕਾਲੀ ਦਲ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਸੁਖਬੀਰ ਸਿੰਘ ਬਾਦਲ ਉੱਪਰ ੳਂੁਗਲਾਂ ਉੱਠਣ ਲੱਗੀਆਂ। ਹੁਣ ਭਾਵੇਂ ਉਸ ਵਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਸਦੀਆਂ ਗਲਤੀਆਂ ਉਸਦਾ ਪਿੱਛਾ ਨਹੀਂ ਛੱਡ ਰਹੀਆਂ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਕੇ ਉਸਨੂੰ ਮਜ਼ਬੂਤ ਕਰਨਾ ਹੁਣ ਅਕਾਲੀ ਦਲ ਲਈ ਮੁਸੀਬਤ ਬਣਿਆ ਹੋਇਆ ਹੈ। ਇੰਝ ਲੱਗਦਾ ਹੈ ਕਿ ਜਿਵੇਂ ਭਾਜਪਾ ਪੰਜਾਬ ਵਿਚ ਅਕਾਲੀ ਦਲ ਲਈ ਕਾਲ ਬਣ ਗਈ ਹੋਵੇ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਨੇ ਅਕਾਲੀ ਦਲ ਤੋਂ ਵੱਧ ਵੋਟ ਹਾਸਲ ਕੀਤੇ। ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਰਾਬਰ ਹੀ ਚੜ੍ਹ ਗਈ। ਹੁਣ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਦੀਆਂ ਅੱਖਾਂ ਖੁੱਲ੍ਹ ਰਹੀਆਂ ਹਨ। ਅੱਜ ਆਈ ਇਕ ਖਬਰ ਉੱਤੇ ਨਜ਼ਰ ਮਾਰਦੇ ਹਾਂ ਜਿਸ ਵਿਚੋਂ ਇਹ ਝਲਕ ਰਿਹਾ ਹੈ ਕਿ ਅਕਾਲੀ ਦਲ ਬਾਦਲ ਇਸ ਵੇਲੇ ਕਿਸ ਹੱਦ ਤੱਕ ਦੁਖੀ ਹੈ। 
ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਾਨੂੰ ਹੈਰਾਨੀ ਹੈ ਭਾਰਤੀ ਜਨਤਾ ਪਾਰਟੀ ਵਾਰ-ਵਾਰ ਇਹ ਗੱਲ ਕਿਉਂ ਆਖ ਰਹੀ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲ ਨਾਲ ਗਠਜੋੜ ਨਹੀਂ ਕਰੇਗੀ, ਜਦੋਂ ਕਿ ਅਕਾਲੀ ਦਲ ਨੇ ਗਠਜੋੜ ਲਈ ਅਜਿਹੀ ਕੋਈ ਇੱਛਾ ਪ੍ਰਗਟ ਹੀ ਨਹੀਂ ਕੀਤੀ।
ਇਸ ਮਾਮਲੇ ’ਤੇ ਭਾਜਪਾ ਵੱਲੋਂ ਵਾਰ-ਵਾਰ ਬਿਆਨ ਦੇਣ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ’ਚ ਬਸਪਾ ਨਾਲ ਗਠਜੋੜ ਹੈ। ਇਹ ਗਠਜੋੜ ਚੰਗਾ ਚੱਲ ਰਿਹਾ ਹੈ ਤੇ ਭਾਜਪਾ ਸਮੇਤ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਭਾਜਪਾ ਨਾਲ ਭਵਿੱਖ ’ਚ ਗਠਜੋੜ ਕਰਨ ਦੀ ਗੱਲ ਨਹੀਂ ਕੀਤੀ ਤੇ ਭਾਜਪਾ ਨੂੰ ਰੋਜ਼ਾਨਾ ਆਧਾਰ ’ਤੇ ਇਸ ਬਾਰੇ ਕਿਆਸ-ਅਰਾਈਆਂ ਲਗਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਗਰੇਵਾਲ ਨੇ ਭਾਜਪਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਅਕਾਲੀ ਦਲ ਨੇ ਉਸ ਨਾਲ ਗਠਜੋੜ ਸਿਧਾਂਤਾਂ ਦੇ ਆਧਾਰ ’ਤੇ ਤੋੜਿਆ ਸੀ। ਇਨ੍ਹਾਂ ’ਚ ਖੇਤੀਬਾੜੀ ਕਾਨੂੰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ’ਚ ਵੱਖਰੀ ਗੁਰਦੁਆਰਾ ਕਮੇਟੀ ਸਥਾਪਤ ਕਰਨਾ ਅਤੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਦਖਲ ਦੇਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਵੀ ਭੱਜ ਗਈ। ਇਸ ਕਾਰਨ ਸਿੱਖ ਕੌਮ ਵਿੱਚ ਬਹੁਤ ਰੋਸ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ’ਚ ਕੌਮਾਂਤਰੀ ਸਰਹੱਦ ਤੋਂ ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਕੇ ਸੰਘੀ ਢਾਂਚੇ ਦਾ ਨੁਕਸਾਨ ਕੀਤਾ ਤੇ ਬੀ.ਬੀ.ਐੱਮ.ਬੀ. ’ਚ ਪੰਜਾਬ ਦੇ ਮੈਂਬਰਾਂ ਦੀ ਨਿਯੁਕਤੀ ਅਣਡਿੱਠ ਕਰਕੇ ਅਤੇ ਪੰਜਾਬੀ ਨੂੰ ਸੀ.ਬੀ.ਐੱਸ.ਈ. ’ਚ ਮਾਈਨਰ ਵਿਸ਼ਾ ਬਣਾ ਕੇ ਅਤੇ ਸੂਬੇ ਦੀ ਕਾਨੂੰਨ ਵਿਵਸਥਾ ’ਚ ਦਖਲ ਦੇ ਕੇ ਵੀ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ।    
ਹੁਣ ਜੇਕਰ ਅਕਾਲੀ ਦਲ ਬਾਦਲ ਆਪਣੇ ਸਟੈਂਡ ਉੱਤੇ ਡਟ ਕੇ ਭਾਜਪਾ ਦੇ ਖਿਲਾਫ਼ ਇਹ ਮੁੱਦੇ ਪਿੰਡਾਂ ਸ਼ਹਿਰਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਯਕੀਨਨ ਹੀ ਪੰਜਾਬ ਵਿਚ ਭਾਜਪਾ ਦੇ ਵਧਦੇ ਕੱਦ ਨੂੰ ਠੱਲ੍ਹ ਪੈ ਸਕਦੀ ਹੈ ਪਰ ਇਹ ਦੇਖਣਾ ਹੋਵੇਗਾ ਕਿ ਕੀ ਸੁਖਬੀਰ ਸਿੰਘ ਬਾਦਲ ਇਸ ਦੇ ਸਮਰੱਥ ਹਨ ਕਿ ਨਹੀਂ, ਪਰ ਇਸ ਅੱਜ ਦੀ ਖਬਰ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਅੱਖਾਂ ਖੁੱਲ੍ਹਣ ਜ਼ਰੂਰ ਲੱਗੀਆਂ ਹਨ। ਆਮੀਨ!